ਤੇਰਾ ਦਿਲ ਇੱਕ ਹੈ ਜਾਂ ਦੋ
ਗੁਰਦੀਪ ਸਿੰਘ ਤੇਰਾ ਦਿਲ ਇੱਕ ਹੈ ਜਾਂ ਦੋ ਤੇਰਾ ਦਿਲ ਇੱਕ ਹੈ ਜਾਂ ਦੋ। ਕਦੇ ਤੂੰ ਵਾਜਾਂ ਮਾਰ ਬੁਲਾਵੇਂ ਕਦੇ ਲਵੇਂ ਤੂੰ ਬੂਹੇ ਢੋਅ। ਕਦੇ ਕਹੇਂ ਤੂੰ ਨੇੜੇ ਹੋ ਜਾ ਕਦੇ ਕਹੇਂ ਤੂੰ ਪਾਸੇ ਹੋ। ਕਦੇ ਤਾਂ ਹੰਝੂ ਹਾਰ ਪਿਰੋਵੇਂ ਕਦੇ ਨਾ ਰੁਕਦੇ ਹਾਸੇ ਹੋ। ਕਦੇ ਹਨੇਰਾ ਕਦੇ ਰੌਸ਼ਨੀ ਕਦੇ ਹਨੇਰੀ ਝੱਖੜ ਹੋ। ਕਦੇ ਤਾਂ ਰੇਤਾ ਮਾਰੂਥਲ ਦੀ ਕਦੇ ਤਾਂ ਦਰਿਆ ਅੱਖੜ ਹੋ। ਕਦੇ ਤੂੰ ਚਾਹੇਂ ਪੰਛੀ ਹੋਣਾ ਅੰਬਰਾਂ ਦੀ ਲੈਂਦਾ ਕਣਸੋਅ ਕਦੇ ਕਹੇਂ ਤੂੰ ਮ੍ਰਿਗ ਦੀ ਤ੍ਰਿਸ਼ਨਾ ਲੱਭਣ ਤੁਰਿਆ ਜੋ ਖੁਸ਼ਬੋ। ਕਦੇ ਕਹੇਂ ਤੂੰ ਮੋਤੀਆ ਜੜਿਆ ਨੀਲਾ ਅੰਬਰ ਭਰਿਆ ਹੋ ਕਦੇ ਸਮੁੰਦਰ ਕਦੇ ਹਵਾਵਾਂ ਪਰਬਤ ਠਰਿਆ ਠਰਿਆ ਹੋ। ਕਦੇ ਕਹੇਂ ਤੂੰ ਚੂਰੀ ਚੂਰੀ ਰਾਂਝੇ ਬਾਟੇ ਪਾਈ ਹੋ ਕੰਨ ਪੜਵਾ ਕੇ ਮੁੰਦਰਾਂ ਪਾ ਕੇ ਵੰਝਲੀ ਕਦੇ ਵਜਾਈ ਹੋ। ਕਦੇ ਕਹੇਂ ਤਾਂ ਆਹ ਬਣਨਾ ਹੈ ਕਦੇ ਕਹੇਂ ਤੂੰ ਬਣਨਾ ਅਹੁ। ਤੇਰਾ ਦਿਲ ਇੱਕ ਹੈ ਜਾਂ ਦੋ।