Geet
ਗੀਤ
ਅੱਧੀ ਰੋਟੀ ਚੰਨ ਦੀ
ਟੰਗੀ ਵਿੱਚ ਅਸਮਾਨ
ਟੰਗੀ ਵਿੱਚ ਅਸਮਾਨ
ਭੁੱਖੇ ਤਾਰੇ ਵਿਲਕਦੇ
ਹੱਥ ਆਵੇ ਤਾਂ ਖਾਣ।
ਅੱਧੀ ਰੋਟੀ ਚੰਨ ਦੀ
ਘੱਟਦੀ ਜਾਵੇ ਰੋਜ਼
ਭੁੱਖੇ ਤਾਰੇ ਸੋਚਦੇ
ਕੌਣ ਕਰੇ ਇਹ ਚੋਜ।
ਅੱਧੀ ਰੋਟੀ ਚੰਨ ਦੀ
ਲੱਭੇ ਨਾ ਅਸਮਾਨ
ਤਾਰੇ ਭੁੱਖੇ ਸੌਂ ਗਏ
ਸੁਪਨੇ ਲੱਭਣ ਜਾਣ।
ਸੁਪਨਾ ਆਵੇ ਭੁੱਖ ਦਾ
ਰੋਟੀ ਕਰੇ ਕਲੋਲ
ਕਿਹੜਾ ਇਸ ਨੂੰ ਵੇਲਦਾ
ਕਿਹੜਾ ਕਰਦਾ ਗੋਲ।
ਰੋਟੀ ਪੁਛੇ ਭੁੱਖ ਨੂੰ
ਤੈਨੂੰ ਕਾਹਦਾ ਦੁੱਖ
ਦੁੱਖਾਂ ਵਾਲੇ ਹੋਰ ਨੇ
ਤੂੰ ਭੁੱਖਾਂ ਦੀ
ਭੁੱਖ।
ਦਾਣੇ ਰਾਤੀਂ ਜਾਗਦੇ
ਸਿੱਟਿਆਂ ਦੇ ਸੁਲਤਾਨ
ਹਿੱਸਾ ਆਪੋ ਆਪਣਾ
ਭੁੱਖਾ ਮਰੇ ਕਿਸਾਨ।
ਕੀ ਅਸਾਂ ਦਾ ਜੀਵਣਾ
ਗੁਰਦੀਪ ਸਿੰਘ
ਉਪਰ ਸੂਰਜ ਚਮਕਦਾ
ਹੇਠਾਂ ਤਪੇ ਜ਼ਮੀਨ
ਅੱਖੀਂ ਘੱਟਾ ਪਾ ਰਹੇ
ਘੱਟਾ ਬੜਾ ਮਹੀਨ।
ਧੂੰਆਂ ਧੁੰਦ ਗੁਬਾਰ
ਨੇ
ਰੱਖਿਆ ਸਾਨੂੰ ਘੇਰ
ਨਾ ਰਸਤੇ ਵਿੱਚ ਪੈੜ
ਹੀ
ਕਿੰਨਾ ਪਿਆ ਹਨੇਰ।
ਕੁਝ ਤਾਂ ਸਨ
ਮਜਬੂਰੀਆਂ
ਕੁਝ ਆਪੇ ਮਜਬੂਰ
ਜੋ ਕਲਮਾਂ ਦੇ ਧਨੀ ਸਨ
ਸ਼ਬਦਾਂ ਦੇ ਮਜ਼ਦੂਰ।
ਸਿਰ ਤੇ ਬਲਦੀ ਅੱਗ ਲੈ
ਤੇ ਸੂਰਜ ਦਾ ਰਾਹ
ਆਪਣੀ ਛਾਂਵੇਂ ਸੜ ਗਏ
ਲੈਣ ਨਾ ਹੋਇਆ ਸਾਹ।
ਤੂੰ ਵੀ ਮੇਰੇ ਨਾਲ ਦਾ
ਮੈਂ ਵੀ ਤੇਰੇ ਨਾਲ
ਤੇਰੇ ਲਈ ਸਵਾਲ ਮੈਂ
ਤੂੰ ਵੀ ਆਪ ਸਵਾਲ।
ਹੱਲ ਨਾ ਹੋਇਆ ਉਸ ਤੋਂ
ਮਿਣਦਾ ਜੋ ਅਸਮਾਨ
ਪੈਰਾਂ ਨੂੰ ਵੀ ਯਾਦ
ਨਹੀਂ
ਸਿਰ ਸੀ ਕਿ ਤੂਫਾਨ।
ਗਿਰਝਾਂ ਚਾਰ ਚੁਫੇਰ
ਹੀ
ਆਣ ਲਿਆ ਹੈ ਘੇਰ
ਬੋਟੀ ਬੋਟੀ ਨੋਚਣੀ
ਨਾ ਫਿਰ ਦੇਰ ਸਵੇਰ।
Comments
Post a Comment